ਮੇਰੀ ਥਾਂ

ਮੇਰੀ ਥਾਂ

“ਅਜ ਇਹ ਚੀਜ਼ਾਂ ਲਿਆਉਣ ਵਾਲੀਆਂ ਹਨ:

ਗੰਢੇ ਲਾਲ ਰੰਗ ਦੇ
ਕੇਲੇ ਚਿਤਰੀ ਵਾਲੇ
ਬ੍ਰੈਡ ਸੂਹੜੇ ਵਾਲੀ
ਖੰਡ ਸ਼ਕਰ ਵਰਗੀ
ਦਾਲਾਂ ਰਲੀਆਂ ਮਿਲੀਆਂ

ਮੈਂ ਏਸ ਕਾਗਦ ਉਤੇ ਲਿਖ ਦਿੱਤੀਐੰ
ਚੇਤਾ ਰਹੂ”

“ਓ ਹੋ . . . ਇਹਦੇ ਉਤੇ
ਤਾਂ ਮੈਂ ਕਵਿਤਾ ਲਿਖਣੀ ਸੀ”

“ਹੇਠਾਂ ਸਾਰਾ ਪੰਨਾ ਖਾਲੀ ਪਿਆ ਹੈ”

“ਖਾਲੀ ਤਾਂ ਹੈ ਪਰ ਦਾਲ ਭਾਜੀ
ਦੀ ਸੂਚੀ ਹੇਠ ਲਿਖੀ ਕਵਿਤਾ
ਸੋਭਦੀ ਨਹੀਂ
ਹਰ ਚੀਜ਼ ਦੀ ਆਪਣੀ ਥਾਂ ਹੁੰਦੀ ਹੈ”

“ਤੈਨੂੰ ਪਤੈ ਮੇਰੀ ਥਾਂ ਕਿਹੜੀ ਹੈ?”

ਝੂਠੀਆਂ ਗੱਲਾਂ

ਝੂਠੀਆਂ ਗੱਲਾਂ

ਟਿਕੀ ਰਾਤ
ਸੌਂ ਰਹੇ ਬਿਰਖਾਂ ਵਿਚਦੀ
ਲੰਘ ਰਹੇ ਸੀ ਆਪਾਂ
ਪੈਰਾਂ ਦੀਆਂ ਉੰਗਲਾਂ ਦੇ ਫੁੱਲ ਧਰ ਧਰ
ਸ਼ਬਦਾਂ ਵਿਚਾਲੇ ਚੁਪ ਰਖ ਰਖ
ਕਿਤੇ ਟਲ ਨਾ ਜਾਏ ਨੀਂਦ ਬਿਰਖਾਂ ਦੀ
ਸੁਤੇ ਬਿਰਖ ਦਾ ਹਰ ਪੱਤਾ ਕੰਨ ਹੁੰਦੈ

ਅਜ ਦੀ ਰਾਤ ਆਪਾਂ ਬਿਰਖਾਂ ਦੇ
ਸੁਪਨੇ `ਚ ਪਰਵੇਸ਼ ਕਰ ਜਾਂਦੇ ਹਾਂ
ਗੱਲਾ ਕਰਾਂਗੇ
ਉਹ ਜਾਗਣਗੇ ਨਹੀਂ

“ਪਹਿਲਾਂ ਤੇਰੀ ਵਾਰੀ”
ਤੂੰ ਕਿਹਾ

“ਕਹਿੰਦੇ ਨੇ
ਜਿੰਨਾ ਚਿਰ ਆਹਲਣਿਆਂ ‘ਚ
ਪੰਛੀ ਸੌਂ ਨਹੀਂ ਜਾਂਦੇ
ਬਿਰਛ ਜਾਗਦੇ ਰਹਿੰਦੇ ਨੇ”

“ਸੱਚੀਂ?”

“ਤੇ ਜਿੰਨਾ ਚਿਰ ਅੰਬਾਂ ਤੇ
ਕੋਇਲ ਨਹੀਂ ਕੂਕਦੀ
ਅੰਬ ਮਿੱਠੇ ਨਹੀਂ ਹੁੰਦੇ”

ਕੌਣ ਕਹਿੰਦੈ?
ਤੂੰ ਪੁਛਿਆ

ਕੌਣ? …ਅ ਅ
ਯਾਦ ਨਹੀਂ ਆ ਰਿਹਾ

ਤੈਨੂੰ ਹਾਸਾ ਆ ਗਿਆ

ਇਹੋ ਜਿਹੀਆਂ ਗੱਲਾਂ ਤੂੰ
ਕਿਵੇਂ ਬਣਾ ਲੈਨੈਂ
ਝੂਠੀਆਂ ਜਿਹੀਆਂ

ਜਿਵੇਂ ਤੂੰ ਹਸ ਲੈਨੀ ਐਂ
ਕੰਵਲਾ ਜਿਹਾ

ਅਜ ਦੀ ਰਾਤ

ਅਜ ਦੀ ਰਾਤ

ਜੇ ਸੰਗਦੀ ਤੋਂ ਮੈਥੋਂ
ਕਹਿ ਨਹੀਂ ਹੋਇਆ
ਤੂੰ ਆਪ ਹੀ ਰਹਿ ਜਾਂਦਾ
ਅਜ ਦੀ ਰਾਤ

ਇਹ ਤਾਂ ਚਿਤ ਚੇਤੇ ਵੀ ਨਹੀਂ ਸੀ
ਤੇਰੇ ਨਾਲ ਬੋਲਣ ਲਈ ਵੀ
ਬੋਲਣਾ ਪਵੇਗਾ

ਜੋ ਦੇਹ ਆਖਦੀ ਹੈ
ਉਹ ਕਹਿਣ ਜੋਗੇ ਸ਼ਬਦ ਹੁੰਦੇ
ਮੈਂ ਕਹਿ ਦਿੰਦੀ

ਤੂੰ ਮੇਰੀ ਦੇਹ ਦੀ ਬੋਲੀ
ਜਾਣਦਾ ਹੈਂ  ਮੈਥੋਂ ਵੀ ਵਧ
ਮੇਰਾ ਅੰਦਰਲਾ ਕਹਿੰਦਾ ਹੈ
ਜਦੋਂ ਜੀਅ ਜਹਾਨ ਸੌਂ ਗਿਆ
ਮੇਰਾ ਬੂਹਾ ਖੜਕੇਗਾ

ਅਜ ਆਪਾਂ ਟੀ ਵੀ ਵੇਖਾਂਗੇ

ਅਜ ਆਪਾਂ ਟੀ ਵੀ ਵੇਖਾਂਗੇ

ਅਜ ਸ਼ਾਮ ਆਪਾਂ ਟੀ ਵੀ ਤੇ
ਫਿਲਮ ਵੇਖਾਂਗੇ

ਤੂੰ ਅਰਸਤੂ ਨਹੀਂ ਪੜ੍ਹੇਂਗਾ
ਮੇਜ ਤੇ ਬਹਿਕੇ
ਮੈ ਰਹਿਰਾਸ ਨ੍ਹੀ ਕਰਾਂਗੀ
ਖਿਮਾ ਗੁਰੂ ਤੋਂ ਲੈਕੇ

ਨਾਲ ਨਾਲ ਬੈਠਾਂਗੇ ਸੋਫੇ ਤੇ
ਲੱਤਾਂ ਤੇ ਕੰਬਲ ਲੈਕੇ

ਮੈਂ ਮੱਕੀ ਦੀਆਂ ਖਿੱਲਾਂ  ਬਣਾਉਂਦੀ ਹਾਂ
ਤੂੰ ਕਹਿਨੈਂ ਤਾਂ
ਨੂਣ ਤੇ ਮੱਖਣ ਨਹੀਂ ਪਾਉਂਦੀ

ਇਕੋ ਕੌਲੇ ‘ਚੋਂ  ਖਾਵਾਂਗੇ
ਕੋਈ ਖਿੱਲ ਬਾਹਰ ਡਿਗੀ
ਚੁਕਾਂਗੇ ਨਹੀਂ

ਜੇ ਡਰੀ
ਅੱਖਾਂ ਮੀਚ ਤੇਰੀ ਵੱਖੀ ਨਾਲ
ਲਗ ਜਾਊਂ
ਚੀਕ ਵੀ ਮਾਰੂੰ ਕੰਨ ਪਾੜਵੀਂ
ਹੱਸੂੰ ਗੀ ਉਚੀ ਭਾਵੇਂ
ਦੁਖਣ ਪੱਸਲੀਆਂ
ਤੂੰ ਵੀ ਹੱਸੇਗਾ ਮੇਰੇ ਨਾਲ
ਨਹੀਂ ਤਾਂ ਕੁਤਕੁਤਾੜੀਆਂ
ਕੱਢੂੰ ਦੋਹਾਂ ਹੱਥਾਂ ਨਾਲ

ਯਾਦ ਕਰਾਂਗੇ ਉਹ ਦਿਨ
ਚੰਗੀ ਮਾੜੀ ਕੋਈ ਵੀ ਫਿਲਮ
ਵੇਖਣ ਦਾ ਬਹਾਨਾ ਭਾਲਦੇ
ਮੂੰਗਫਲੀ ਦਾ ਲਿਫਾਫਾ ਤੇ
ਗੁੜ ਦੀਆਂ ਰਿਉੜੀਆਂ
ਹੀਰੋ ਨੂੰ ਹੀਰੋਇਨ ਮਗਰ ਟਪਦਾ
ਵੇਖ ਹਸਦੇ

ਮੈਂ ਕਹਿੰਦੀ
ਤੂੰ ਵੀ ਮੇਰੇ ਤੇ ਦਿਲ ਫੈਂਕ ਸਕਦੈ
ਟਪੂਸੀ ਮਾਰਕੇ
ਤੂੰ ਕਹਿੰਦਾ
ਹਾਂ, ਜੇ ਪਹਿਲਾਂ ਬਣੇਂ ਉਹੋ ਜਿਹੀ ਬਾਂਦਰੀ

ਅਜ ਸ਼ਾਮ ਆਪਾਂ ਟੀ ਵੀ ਤੇ
ਫਿਲਮ ਵੇਖਾਂਗੇ

ਬੁੱਧ ਦੀ ਮੂਰਤੀ ਤੇ ਭੂਰੀ ਕੀੜੀ

ਅੰਤਰਧਿਆਨ
ਮੂਰਤੀ ਬੁੱਧ ਦੀ
ਨੈਣ ਬੰਦ  ਹੱਥ  ਗੋਡਿਆਂ ਤੇ
ਅੰਗੂਠੇ ਛੋਂਹਦੇ ਇਕ ਦੂਜੇ ਨਾਲ
 
ਭੂਰੀ ਕੀੜੀ
ਬੁੱਧ ਜੀ ਦੇ ਹੱਥਾਂ ਤੇ ਫਿਰਦੀ
ਕਿਣਕਾ ਅੰਨ ਦਾ ਭਾਲਦੀ

ਕਲੀ ਕਿ ਜੋਟਾ

ਕਲੀ ਕਿ ਜੋਟਾ
ਰਬ ਪੁੱਛਦਾ ਹੈ

ਜੋਟਾ, ਮੈਂ ਕਹਿੰਦਾ ਹਾਂ
ਉਹ ਮੁੱਠੀ ਖੋਲ੍ਹਦਾ ਹੈ
ਕਲੀ ਨਿਕਲਦੀ ਹੈ

ਅਗਲੀ ਵਾਰ ਕਲੀ ਕਹਿੰਦਾ ਹਾਂ
ਜੋਟਾ ਨਿਕਲ ਆਉਂਦਾ ਹੈ

ਪਹਿਲੇ ਦਿਨ ਤੋਂ
ਏਹੀ ਹੋ ਰਿਹੈ

ਤੂੰ ਰੌਂਦ ਮਾਰਦੈਂ
ਹਾਰਨ ਤੋਂ ਡਰਦਾ

ਹਾਰਨ ਤੋਂ ਨਹੀਂ
ਮੈਂ ਖੇਡ ਖਤਮ ਹੋਣ ਤੋਂ
ਡਰਦਾ ਹਾਂ

ਕਲੀ ਕਿ ਜੋਟਾ
ਉਹ ਫੇਰ ਮੁੱਠ ਅਗੇ ਕਰਦਾ ਹੈ

ਮੇਰੀਐਨ

ਅਜ ਵੀ ਮੇਰੀਐਨ

ਖ਼ਾਕੀ ਫ਼ਾਈਲਾਂ ਵਿਚ ਘਿਰੀ ਬੈਠੀ ਸੀ

ਫ਼ਾਈਲ `ਚੋਂ ਸਿਰ ਚੁਕਦੀ

ਕੰਪਿਊਟਰ ਦੀ ਸਕਰੀਨ ਵਿਚ ਗੁਆਚ ਜਾਂਦੀ

 

ਮੇਰੀਐਨ

ਮੇਰੇ ਡਾਕਟਰ ਕੁਰੈਸ਼ੀ ਦੀ ਸੈਕਟਰੀ

 

ਉਹਦੇ ਕਮਰੇ ਦੀਆਂ ਕੰਧਾਂ ਨਾਲ

ਫ਼ਾਈਲਾਂ ਚਿਣੀਆਂ ਹੋਈਆਂ ਹਨ

 

ਫ਼ਾਈਲਾਂ `ਚ ਚਰਜ ਉਹ ਹਰ ਜਣੇ ਨੂੰ

ਜਾਣਦੀ ਹੈ

ਪਰ ਓਨਾ ਕੁ ਜਿੰਨਾ ਉਹ ਰੋਗੀ ਹੈ

ਮਿਸਜ਼ ਸਮਿੱਥ ਨੂੰ ਉਹਦੀ

ਖੰਘ ਜਿੰਨਾ ਜਾਣਦੀ ਹੈ

ਸਮਰਾ ਮਾਤਾ ਨੂੰ ਦੁਖਦੇ ਗੋਡਿਆਂ ਜਿੰਨਾ

ਉਹਨੂੰ ਨਹੀਂ ਪਤਾ

ਡੈਨੀ ਚਿਤਰ ਵੀ ਬਣਾਉਂਦਾ ਹੈ

ਰੋਜ਼ੀ ਨਾਟਕ ਕਰਦੀ ਹੈ

ਮੈਂ ਕਵਿਤਾ ਲਿਖਦਾ ਹਾਂ

 

ਮੇਰੀਐਨ ਹਰ ਫ਼ਾਈਲ ਵਿਚ

ਭੋਰਾ ਭੋਰਾ ਵੰਡੀ ਹੋਈ ਹੈ

ਪੰਜ ਹਜ਼ਾਰ ਫ਼ਾਈਲਾਂ ਦੇ

ਪੰਜ ਹਜ਼ਾਰ ਟੋਟਿਆਂ ਵਿਚ

ਮੈਂ ਸਾਬਤ ਸਬੂਤ ਮੇਰੀਐਨ ਨੂੰ

ਕਦੇ ਨਹੀਂ ਵੇਖਿਆ

 

ਅਜ ਦਾ ਦਿਨ ਵੀ

ਵਖਰਾ ਨਹੀਂ ਸੀ

 

ਮੇਰੀਐਨ ਦੇ ਸਾਹਮਣੇ ਕਮਰੇ ਵਿਚ

ਬੈਠੇ ਲੋਕ ਆਪਣੀ ਆਪਣੀ ਵਾਰੀ

ਉਡੀਕ ਰਹੇ ਸਨ

 

ਚਾਰਲੀ ਦੁਖਦੇ ਸਿਰ ਨੂੰ

ਘੁੱਟੀ ਬੈਠਾ ਸੀ

ਕ੍ਰਿਸਟੀਨਾ ਵੀਲ ਚੇਅਰ ਤੇ ਬੈਠੇ

ਪਤੀ ਬ੍ਰੈਡਲੇ ਦੇ ਦਸਤਾਨੇ ਲਾਹ ਰਹੀ ਸੀ

ਮਿਸ਼ੈਲ  ਪੁਰਾਣੇ ਰੀਡਰਜ਼ ਡਾਈਜੈਸਟ ਦੇ

ਪੰਨੇ ਫਰੋਲ ਰਹੀ ਸੀ ਤੇ ਉਹਦਾ

ਚਾਰ ਸਾਲ ਦਾ ਬੇਟਾ ਰੈਂਡੀ

ਬੈਟਰੀ ਵਾਲੀ ਕਾਰ ਚਲਾਉਣ ਲਈ

ਜ਼ਿਦ ਕਰ ਰਿਹਾ ਸੀ

 

ਮੇਰੀਐਨ ਨੇ ਮੈਨੂੰ ਬੁਲਾ ਕੇ

ਆਉਣ ਦੀ ਅਗਲੀ ਤਰੀਕ ਦਿੱਤੀ

 

ਮੈਂ ਓਥੋਂ ਤੁਰਦਾ ਤੁਰਦਾ ਰੁਕ ਗਿਆ, ਕਿਹਾ

ਮੇਰੀਐਨ ਤੈਨੂੰ ਕਦੇ ਦੱਸਿਐ ਕਿਸੇ ਨੇ

ਤੇਰੇ ਵਾਲ ਕਿੰਨੇ ਸੁਹਣੇ ਐ?

 

“ਥੈਂਕਯੂ” ਉਹਨੇ ਅਚੰਭੇ ਚ ਮੇਰੇ ਵਲ ਵੇਖਿਆ

ਜਿਵੇਂ ਅੰਗਾਂ ਵਿਚ ਜਾਨ ਪੈ ਗਈ ਹੋਵੇ

ਉਹਦੀ ਮੁਸਕ੍ਰਾਹਟ ਕੰਨਾਂ ਤਕ ਫੈਲ ਗਈ

ਗੱਲ੍ਹਾਂ ਹੋਰ ਸੂਹੀਆਂ ਹੋ ਗਈਆਂ

ਮੱਥੇ ਤੋਂ ਲਿਟ ਪਾਸੇ ਕਰਦੀ ਨੇ ਕਿਹਾ

ਮੈਂ ਅਜ ਕਾਹਲੀ ਵਿਚ ਓਵੇਂ ਈ ਨੱਸ ਆਈ ਸੀ

ਕੰਘੀ ਵੀ ਨਹੀਂ ਕੀਤੀ ਸੀ

ਪੰਨੇ ਫਰੋਲਦੀ ਮਿਸ਼ੈਲ ਦਾ ਹਾਸਾ ਨਿਕਲ ਗਿਆ

ਮਿਸਜ ਬ੍ਰੇਡਲੇ ਦਾ ਵੀ

ਰੈਂਡੀ ਦੀ ਤੇਜ਼ ਕਾਰ ਵੀਲ ਚੇਅਰ ਦੇ ਪਹੀਏ

ਨਾਲ ਵਜ ਕੇ ਦਰ ਵਿਚਦੀ ਬਾਹਰ

ਨਿਕਲ ਗਈ।

 

 

ਅੱਧੀ ਸਦੀ ਪਹਿਲਾਂ ਦੀ ਕਵਿਤਾ

ਦੂਰ ਦੁਮੇਲੋਂ ਦੂਰ

ਸੰਧਿਆ ਵੇਲੇ

ਰੁੱਖਾਂ ਨਾਲ ਘਿਰੇ ਘਰ ਵਿਚੋਂ

ਬਾਹਰ ਬੂਹੇ ਉਤੇ ਖੜ੍ਹ ਕੇ

ਮੈਨੂੰ ਅਜ ਉਡੀਕੇ ਗੀ ਤੂੰ

 

ਨੀ ਕੁੜੀਏ ਕੀ ਕਰਦੀ ਐਂ ਤੂੰ

ਵੇਖ ਅਨ੍ਹੇਰਾ ਉਤਰ ਆਇਆ

ਚੁੱਲ੍ਹੇ ਵਿਚ ਧੁਖਾ ਲੈ ਅਗਨੀ

ਆਟਾ ਗੁੰਨ੍ਹਦੀ ਮਾਂ ਬੋਲੇ ਗੀ

 

ਡੁਬਦੀ ਸੰਧਿਆ ਦਾ ਹੱਥ ਫੜ ਕੇ

ਅੱਖਾਂ ਦੇ ਵਿਚ ਤਾਰੇ ਭਰ ਕੇ

ਮੂੰਹ ਵਿਚ ਚੁੰਨੀ ਦਾ ਲੜ ਫੜ ਕੇ

ਮੂਕ ਬਾਣੀ ਵਿਚ ਤੂੰ ਪੁੱਛੇਂ ਗੀ

ਦਸ ਅੜੀਏ ਉਹ ਕਿਉਂ ਨਹੀਂ ਆਇਆ    

 

ਤੈਥੋਂ ਹੱਥ ਛੁਡਾ ਕੇ ਸੰਧਿਆ

ਲਹਿੰਦੇ ਸੂਰਜ ਵਲ ਨੱਸੇ ਗੀ

ਉਹਦੇ ਪਹੁੰਚਣ ਤੋਂ ਪਹਿਲਾਂ ਹੀ

ਸੂਰਜ ਬੂਹਾ ਭੀਚ ਲਵੇ ਗਾ

 

ਦਰ ਦੇ ਨਾਲ ਮਾਰ ਕੇ ਮੱਥਾ

ਸੰਧਿਆ ਥੱਲੇ ਕਿਰ ਜਾਵੇ ਗੀ

ਸਿੰਮ ਸਿੰਮ ਕੇ ਲਹੂ ਦੇ ਤੁਪਕੇ

ਬੱਦਲਾਂ ਨੂੰ ਰੰਗ ਚੜ੍ਹ ਜਾਵੇਗਾ

 

ਅੱਭੜਵਾਹੇ ਤੂੰ ਦੌੜੇਂ ਗੀ

ਚੁੱਲ੍ਹੇ ਦੇ ਵਿਚ ਅੱਗ ਬਾਲੇਂ ਗੀ

ਚੁੱਲ੍ਹੇ ਮੂਹਰੇ ਬੈਠੀ ਬੈਠੀ

ਬੁੱਕਲ ਵਿਚ ਲੁਕਾ ਕੇ ਦੀਵਾ

ਕੱਲਮ ਕੱਲੀ ਤੁਰੇਂ ਗੀ ਭਾਲਣ



 

ਬਰੈਂਪਟਨ ਦੀਆਂ ਗਲੀਆਂ

ਘਰੋਂ ਨਿਕਲੇ ਤਾਂ ਉਹਨੇ ਕਿਹਾ

ਅਜ ਸ਼ਾਮ ਇਹਨਾ ਗਲੀਆਂ ਚ ਘੁੰਮਾਂ ਗੇ

ਜਿਵੇਂ ਗੁਆਂਢੀ ਚਾਰਲੀ ਘੁੰਮਦਾ ਹੈ

ਫੁਟਪਾਥ ਤੇ ਤੁਰਾਂਗੇ

ਘਰਾਂ ਮੂਹਰੇ ਉਗਿਆ ਘਾਹ ਵੇਖਾਂਗੇ

ਘੁੰਮਦੇ ਫੁਹਾਰੇ ਦੀਆਂ ਕਣੀਆਂ

ਸਾਡੇ ਤੇ ਪੈਣ ਲਗੀਆਂ

ਛੜੱਪਾ ਮਾਰ ਕੇ ਟੱਪ ਜਾਵਾਂਗੇ

ਜਾਂ ਹੇਠਾਂ ਖੜ੍ਹੇ ਰਹਾਂਗੇ ਹਸਦੇ

ਖੇਡਦੇ ਬਚਿਆਂ ਨੂੰ ਹੱਥ ਹਿਲਾਵਾਂ ਗੇ

ਹਾਏ ਕਹਾਂਗੇ

ਜੇ ਕੋਈ ਕੋਲ ਆਇਆ ਉਹਦਾ

ਨਾਂ ਪੁੱਛਾਂਗੇ

ਗਲੀ ਜਿੱਧਰ ਨੂੰ ਮੁੜੀ ਮੁੜ ਪਵਾਂਗੇ

ਜਿਹੜੀ ਵੀ ਮਿਲੀ ਉਹਦੇ ਤੇ ਪੈ ਜਾਵਾਂਗੇ

ਭੁੱਲ ਗਏ ਤਾਂ ਖੜ੍ਹ ਕੇ ਨਿਸ਼ਾਨੀਆਂ ਵੇਖਾਂਗੇ

ਭੁਲਦੇ ਭੁਲਦੇ ਘਰ ਭਾਲ ਲਵਾਂਗੇ

ਨਹੀਂ ਤਾਂ ਕਿਸੇ ਤੁਰੇ ਜਾਂਦੇ ਤੋਂ ਪੁੱਛ ਲਵਾਂਗੇ

ਲਾਲੀ ਦੀਆਂ ਗੱਲਾਂ ਨਹੀਂ ਕਰਾਂਗੇ

ਨਾ ਕੇਸਰ ਦੀਆਂ

ਪਟਿਆਲੇ ਦੀ ਮਾਲਰੋਡ ਤੇ ਚਲਦੇ

ਫੁਹਾਰੇ ਯਾਦ ਨਹੀਂ ਕਰਾਂਗੇ

ਪਿਛਲੇ ਤੀਹ ਵਰ੍ਹੇ ਭੁੱਲ ਜਾਵਾਂਗੇ

ਚਿਤਵਾਂ ਗੇ ਅਸੀ ਏਥੇ ਅਜ ਆਏ ਹਾਂ

ਜਾਂ ਏਥੇ ਹੀ ਰਹਿੰਦੇ ਰਹੇ ਹਾਂ

ਝੂਠ ਬੋਲਦਾ ਸੋਹਣਾ ਲਗਦੈਂ

ਤੈਨੂੰ ਪਤੈ

ਮਲਾਗੀਰੀ ਰੰਗ ਕੋਹੋ ਜਿਹਾ ਹੁੰਦਾ ਹੈ।

ਉਹਨੇ ਪੁੱਛਿਆ

ਤੇਰੇ ਵਰਗਾ

ਮੈਂ ਬੋਲਿਆ।

ਤੇ ਮੈਂ ਕੇਹੋ ਜਿਹੀ ਹਾਂ

ਤੂੰ…. ਤੂੰ ਓਹੋ ਜਿਹੀ ਹੈਂ

ਜੇਹੋ ਜਿਹੀ ਹੈਂ

ਉਹਦਾ ਹਾਸਾ ਨਿਕਲ ਗਿਆ

ਮੈਂ ਵੀ ਹਸ ਪਿਆ

ਤੂੰ ਉਹੀ ਕਿਉਂ ਪੁੱਛਦੀ ਐਂ

ਜੀਹਦਾ ਮੈਨੂੰ ਪਤਾ ਨਹੀਂ ਹੁੰਦਾ?

ਤੂੰ ਝੂਠ ਬੋਲਦਾ

ਸੋਹਣਾ ਲਗਦੈਂ


ਕਵਿਤਾ ਦੀ ਨਿਮਾਜ਼

ਸੁਣਿਆ ਹੈ ਸ਼ੇਖ ਫਰੀਦ ਦੇ ਬੋਲ ਸੁਣ ਕੇ ਤਿੰਨ ਲਖ ਲੋਕ ‘ਮੁਸਲਮਾਨ’ ਹੋ ਗਏ ਸਨ। ਉਹਨਾਂ ਵਿਚ ਮੈਂ ਵੀ ਹਾਂ। ਮੈਂ ਫਰੀਦ ਦਾ ਸਹਿ ਧਰਮੀ ਹਾਂ, ਅਸੀਂ ਦੋਵੇਂ ਕਵਿਤਾ ਦੀ ਨਿਮਾਜ਼ ਪੜ੍ਹਦੇ ਹਾਂ। ਪੰਜੇ ਵੇਲੇ। ਮੇਰੇ ਨਾਲ ਕਵਿਤਾ ਦੀ ਨਿਮਾਜ਼ ਪੜ੍ਹਦਾ ਪੜ੍ਹਦਾ ਉਹ ਮਸੀਤ ਦੀ ਨਿਮਾਜ਼ ਭੁੱਲ ਜਾਂਦਾ ਹੈ। ਆਪਣੇ ਆਪ ਨੂੰ ਲਾਹਨਤ ਦਿੰਦਾ ਹੈ, “ਫਰੀਦਾ ਬੇ ਨਿਮਾਜ਼ਾ ਕੁੱਤਿਆ ਇਹ ਨਾ ਭਲੀ ਰੀਤ। ਕਬਹੀ ਚੱਲ ਨਾ ਆਇਓ ਪੰਜੇ ਵਖਤ ਮਸੀਤ” ਤੇ ਫੇਰ ਹਸ ਪੈਂਦਾ ਹੈ।


ਝੂਠ ਬੋਲਦਾ ਰਹੇਂ

ਤੂੰ ਜਦੋਂ ਆਖਦੈਂ

ਤੇਰੇ ਵਾਲ਼ ਬਹੁਤ ਲੰਬੇ ਹਨ

ਮੈਂ ਸੋਚਦੀ ਹਾਂ

ਇਹ ਵੀ ਕੋਈ ਕਹਿਣ ਵਾਲੀ ਗੱਲ ਐ

 

ਤੂੰ ਜਦੋਂ ਆਖਦੈਂ

ਤੇਰੇ ਵਾਲ ਏਨੇ ਲੰਬੇ ਹਨ

ਸਿਰੇ ਤਕ ਜਾਂਦੀ ਕੰਘੀ ਦੇ

ਦੰਦੇ ਘਸ ਜਾਂਦੇ ਹਨ

ਓਦੋਂ ਮੇਰਾ ਜੀਅ ਕਰਦੈ

ਤੂੰ ਏਹੋ ਜਿਹਾ ਝੂਠ

ਬੋਲਦਾ ਰਹੇਂ

ਸਰਦਾ ਸਰੀ ਜਾਂਦੈ

ਮੇਰੀ ਸਾਥਣ ਕਹਿੰਦੀ ਹੈ

ਸੱਠ ਵਰ੍ਹੇ ਹੋ ਗਏ

ਸਬਜੀ ਭਾਜੀ ਬਣਾਉਂਦੀ ਨੂੰ

ਅਜੇ ਵੀ ਲੂਣ ਮਿਰਚਾਂ ਕਦੇ ਘੱਟ

ਕਦੇ ਵਧ ਪੈ ਜਾਂਦੀਆਂ ਹਨ

ਤੂੰ ਕਦੇ ਉਜਰ ਨਹੀਂ ਕੀਤਾ


ਤੂੰ ਵੀ ਇਉਂ ਈ ਕਰਦੀ ਐਂ

ਮੈਂ ਕਿਹਾ

ਕਵਿਤਾ ਵਿਚ ਸ਼ਬਦ

ਕੌੜੇ ਕਸੈਲੇ ਜਾਂ ਵਾਧੂ ਘਾਟੂ ਹੋਣ

ਕਦੇ ਨਹੀਂ ਕਿਹਾ

ਭਲਿਆ ਮਾਣਸਾ ਸਾਰੀ ਲੰਘਾ ਲਈ

ਕੋਈ ਸਲੋਕ ਤਾ ਸਹਿਜ ਭਾਅ ਲਿਖ


“ਬਸ ਇਉਂ ਈ ਸਰੀ ਜਾਂਦੈ”

ਤੂੰ ਬੋਲੀ

“ਊਂ ਕਦੇ ਕਦੇ ਮੇਰਾ ਜੀਅ ਕਰਦੈ

ਜਦੋਂ ਤੇਰੀ ਜੀਭ ਸੜੇ

ਤੂੰ ਕੌਲੀ ਵਗਾਹ ਮਾਰੇ”


ਤੇ ਤੂੰ ਮੇਰੀ ਕਵਿਤਾ

ਰੱਦੀ ਵਿਚ ਸੁਟ ਦੇਵੇਂ

ਹਰਿੰਦਰ ਮਹਿਬੂਬ ਦੀ ਯਾਦ ਵਿਚ

ਉਹ ਕੀਹਦੇ ਨਾਲ ਗੱਲਾਂ ਕਰਦਾ ਸੀ

ਮੇਰੇ ਨਾਲ ਗਲਾਂ ਕਰਦਾ ਉਹ
ਕੀਹਦੇ ਨਾਲ ਕਰਦਾ ਸੀ
ਮੈਨੂੰ ਅਜ ਤਕ ਪਤਾ ਨਹੀਂ ਲੱਗਾ

ਬੋਲਦਾ ਬੋਲਦਾ
ਮੈਥੋਂ ਦਸ ਕਦਮ ਅਗੇ ਨਿਕਲ ਜਾਂਦਾ
ਕਦੇ ਪੰਦਰਾਂ ਵੀ
ਓਵੇਂ ਹੁੰਗਾਰੇ ਭਰਦਾ ਇਸ਼ਾਰੇ ਕਰਦਾ
ਹਾਂ ਨਾਂਹ ਵਿਚ ਸਿਰ ਹਿਲਾਉਂਦਾ

ਜਦ ਕਦੇ ਠੇਡਾ ਵਜਦਾ
ਪੈਰ ਟੋਏ ਵਿਚ ਟਿਕਦਾ
ਉਹ ਸਿਰ ਛੰਡਦਾ,
ਪਿੱਛੇ ਮੁੜ ਕੇ ਵੇਂਹਦਾ
ਭੁੱਲੇ ਬੰਦੇ ਵਾਙੂੰ ਮੁਸਕ੍ਰਾਉਂਦਾ
ਮੈਨੂੰ ਨਾਲ ਰਲਾਉਣ ਲਈ
ਖੜ੍ਹ ਜਾਂਦਾ।

ਮੇਰੇ ਨਾਲ ਨਾਲ ਤੁਰਦਾ ਉਹ
ਕੀਹਦੇ ਨਾਲ ਤੁਰਦਾ ਸੀ
ਮੈਨੂੰ ਅਜ ਤਕ ਪਤਾ ਨਹੀਂ ਲੱਗਾ।
ਤੇ ਨਾ ਹੀ ਪਤਾ ਲਗਾ
ਉਹਨੇ ਅਗਲਾ ਕਦਮ
ਕਿਸ ਧਰਤੀ ਤੇ ਰਖਣਾ ਸੀ।
ਪਟਿਆਲੇ ਦੀ ਮਾਲ ਰੋਡ ਤੋ
ਉਠਿਆ ਪੈਰ
ਵਾਲਟ ਵਿਟਮਨ ਦੀ ਖੁੱਲੀ ਸੜਕ ਤੇ ਟਿਕਦਾ
ਦੁਆਬੇ ਦੇ ਬਾਗ ਚੋਂ
ਅੰਬ ਤੋੜਦੇ ਹੱਥ ਵਿਚ
ਅਦਨ ਦੇ ਬਾਗ ਦਾ ਸੇਬ ਹੁੰਦਾ
ਮੈਨੂੰ ਝੂੰਦਾਂ ਦੀ ਰੋਹੀ ਚ ਛਡ
ਉਹ ਮਾਛੀਵਾੜੇ ਦੇ ਜੰਗਲ `ਚ
ਕੰਡੇ ਮਿਧਦਾ ਫਿਰਦਾ

ਐਤਕੀਂ ਜਿੱਥੇ ਵੀ ਗਿਆ ਹੈ
ਮੁੜਿਆ ਨਹੀਂ
ਪਰ ਮੈਨੂੰ ਅਜੇ ਵੀ ਲਗਦੈ
ਉਹ ਦਸ ਪੰਦਰਾਂ ਕਦਮ ਦੀ
ਵਿਥ ਤੇ ਖੜ੍ਹ ਜਾਵੇਗਾ
ਤੇ ਪਿੱਛੇ ਮੁੜ ਕੇ ਵੇਖੇਗਾ

ਸਾਡੇ
ਰਾਹਾਂ ਤੇ ਥਾਂ ਥਾਂ ਟੋਏ
ਖਾਈਆਂ, ਰੋੜੇ ਵੱਟੇ ਹਨ
ਉਹਦਾ ਪੈਰ ਜ਼ਰੂਰ ਕਿਸੇ ਟੋਏ ਵਿਚ ਟਿਕੇਗਾ
ਕਿਸੇ ਰੋੜੇ ਨਾਲ ਠੇਡਾ ਵਜੇਗਾ